ਉਹ ਵੀ ਕੀ ਦਿਨ ਸੀ?
ਇਹ ਘਟਨਾ ਤਦ ਘਟੀ ਜਦੋਂ ਮੈਂ ਸਤਵੀਂ ਕਲਾਸ ਚ ਸੀ ਅਤੇ ਹਿਮਾਚਲ ਦੇ ਮੰਡੀ ਸ਼ਹਿਰ ਚ ਅਸੀਂ ਰਹਿੰਦੇ ਸੀ।
ਸਾਡਾ ਛੇ ਸੱਤ ਮੁੰਡਿਆਂ ਦਾ ਇਕ ਗਿਰੋਹ ਸੀ। ਅਸੀਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦੇ ਸੀ। ਇਹ ਜ਼ਰੂਰ ਹੈ ਕੇ ਜਿਸਨੂੰ ਮੈਂ ਸ਼ਰਾਰਤਾਂ ਹੁਣ ਕਹਿ ਰਿਹਾ ਹਾਂ ਉਹ ਸਾਨੂੰ ਉਸ ਵੇਹਲੇ ਬਹੁਤ ਅਕਲਮੰਦੀ ਦੀਆਂ ਗੱਲਾਂ ਲਗਦੀਆਂ ਸੀ।
ਪਾਕਿਸਤਾਨ ਨਾਲ 1965 ਦੀ ਲੜਾਈ ਛਿੜ ਪਈ। ਪਹਿਲੇ ਦਿਨ ਹੀ ਅਸੀਂ ਘਰ ਦੀਆਂ ਖਿੜਕੀਆਂ ਤੇ ਕਾਲੇ ਕਾਰਬਨ ਦੇ ਕਾਗਜ਼ ਚਿਪਕਾ ਦਿੱਤੇ ਤਾਕੇ ਕੋਈ ਰੌਸ਼ਨੀ ਬਾਹਰ ਨਾ ਜਾਵੇ। ਨਹੀਂ ਤਾਂ ਡਰ ਸੀ ਕਿ ਪਾਕਿਸਤਾਨ ਦੇ ਲਾੜਾਕੂ ਜਹਾਜ਼ ਬੰਬ ਨਾ ਗਿਰਾ ਦੇਣ ਸਾਡੀ ਕਲੌਨੀ ਤੇ।
ਇਕ ਰਾਤ ਦੀ ਗੱਲ ਹੈ ਕੇ ਸਾਡੇ ਘਰ ਫੇ ਪਿਛੇ ਤਿੱਬਤੀਆਂ ਦੇ ਤੰਬੂ ਸੀ। 1962 ਦੀ ਲੜਾਈ ਤੋਂ ਬਾਦ ਉਹ ਇੰਡੀਆ ਆ ਗਏ ਸੀ ਅਤੇ ਮਜਦੂਰੀ ਕਰਕੇ ਗੁਜ਼ਾਰਾ ਕਰਦੇ ਸੀ। ਸਾਡੀ ਟੋਲੀ ਰਾਤ ਨੂੰ ਪੈਟ੍ਰੋਲ ਕਰਦੀ ਸੀ ਇਹ ਦੇਖਣ ਲਈ ਕੇ ਬ੍ਲੈਕ ਆਊਟ ਚ ਕੋਈ ਗੈਪ ਨਾ ਹੋਵੇ।
ਉਸ ਰਾਤ ਨੂੰ ਅਸੀਂ ਦੇਖਿਆ ਕਿ ਲਾਉਲੇ ਤੰਬੂ ਤੋਂ ਬਾਹਰ ਅੱਗ ਬਾਲ ਕੇ ਖਾਣਾ ਪਕਾ ਰਹੇ ਨੇ। ਅਸੀਂ ਸੋਚਿਆ ਕਿ ਜੇ ਛੇਤੀ ਅਸੀਂ ਇਹ ਅੱਗ ਨਾ ਬੁਝਾਈ ਤਾਂਹ ਬੰਬ ਗਿਰਣਗੇ।
ਅਸੀਂ ਸੀਟੀ ਮਾਰਕੇ ਤਿੱਬਤੀਆਂ ਨੂੰ ਕਿਹਾ ਕਿ ਅੱਗ ਬੁਝਾ ਦਯੋ। ਓਹਨਾ ਕਿਹਾ ਓਹਨਾ ਨੂੰ ਭੁੱਖ ਲੱਗੀ ਹੈ ਤੇ ਖਾਣਾ ਬਨਾਨਾ ਜ਼ਰੂਰੀ ਹੈ। ਅਸੀਂ ਸਖਤ ਆਵਾਜ਼ ਨਾਲ ਉਹਨਾਂ ਨੂੰ ਕਿਹਾ ਕਿ ਬਾਕੀਆਂ ਤੋਂ ਮਰਣ ਤੋਂ ਚੰਗਾ ਹੈ ਕੇ ਓਹ ਭੁੱਖ ਨਾਲ ਮਰਨ। ਨਹੀਂ ਤਾਂਹ ਅੱਗ ਨੂੰ ਟੈਂਟ ਦੇ ਅੰਦਰ ਲੈ ਜਾਣ।
ਸਾਡੇ ਗੁੱਸੇ ਤੋਂ ਡਰ ਕੇ ਓਹ ਅੱਗ ਨੂੰ ਟੇਂਟ ਦੇ ਅੰਦਰ ਲੈ ਗਏ।
ਅਸੀਂ ਆਪਣਾ boy scout ਦਾ ਕੰਮ ਕਰਕੇ ਘਰ ਆਕੇ ਸੌਂ ਗਏ।
ਥੋੜੀ ਦੇਰ ਬਾਅਦ ਦੇਖਿਆ ਤਿੱਬਤੀਆਂ ਦੇ ਟੈਂਟ ਚ ਅੱਗ ਲੱਗੀ ਹੋਈ ਹੈ। ਬੁਝਾਈ ਵੀ ਅਸੀਂ ਆਪ ਅਤੇ ਅਗਲੇ ਕਈ ਦਿਨਾਂ ਚ ਅਸੀਂ ਕਲੋਨੀ ਚ ਪੈਸੇ ਕੱਠੇ ਕਰਕੇ ਉਹਨਾਂ ਦਾ ਨਵਾਂ ਟੇਂਟ ਵੀ ਖਰੀਦਿਆ।
ਫੇਰ ਸਾਨੂੰ ਪਤਾ ਲੱਗਿਆ ਕਿ ਪਾਕਸਤਾਨ ਦੇ ਜਾਸੂਸ ਸਾਰੇ ਪਾਸੇ ਫੈਲੇ ਹੋਏ ਨੇ ਅਤੇ transmitter ਨਾਲ ਪਾਕਿਸਤਾਨ ਨੂੰ ਖ਼ਬਰ ਭੇਜਦੇ ਨੇ। ਪਤਾ ਇਹ ਵੀ ਚੱਲਿਆ ਕੇ ਆਮ ਤੌਰ ਤੇ ਇਹ ਜਾਸੂਸ ਸਾਧੂ ਬਣਕੇ ਘੁੰਮਦੇ ਨੇ। ਬਸ ਫੇਰ ਕੀ ਸੀ, ਸਾਡੀ ਕਲੋਨੀ ਚ ਜਿਹੜਾ ਵੀ ਸਾਧੂ ਆਇਆ, ਅਸੀਂ ਉਸ ਦੀ ਚੰਗੀ ਭੁਗਤ ਸਵਾਰੀ।
ਇਕ ਦਿਨ ਇਕ ਮੁੰਡੇ ਨੇ ਕਿਹਾ ਕਿ ਜੇ ਜੱਸੂਸ ਨੱਠ ਪਏ ਤਾਂ ਅਸੀਂ ਏਹਨੇ ਛੋਟੇ ਹਾਂ ਸਾਤੋਂ ਫੜਿਆ ਨਹੀਂ ਜਾਵੇਗਾ। ਮੇਰੇ ਕੋਲ ਹਰ ਗੱਲ ਦਾ ਉੱਤਰ ਸੀ। ਮੈਂ ਕਿਹਾ ਅਸੀਂ ਘੋੜਿਆਂ ਤੇ ਉਸਦਾ ਪਿੱਛਾ ਕਰਾਂਗੇ ਕਿਉਂਕਿ ਮੈਂ ਇਹ ਇਕ ਪਿਕਚਰ ਚ ਦੇਖਿਆ ਸੀ। ਇਸ ਚ ਦੋ ਕਠਿਨਾਇਆਂ ਨਜ਼ਰ ਆਈਆਂ। ਇਕ ਤਾਂ ਇਹ ਕੇ ਘੋੜੇ ਕਿੱਥੋਂ ਲਬੀਏ। ਦੂਸਰੇ ਇਹ ਕੇ ਘੋੜੇ ਦੌੜਾ ਨੇ ਵੀ ਆਣੇ ਚਾਹੀਦੇ ਨੇ। ਜਿੱਦਾਂ ਕੇ ਆਮ ਹੁੰਦਾ ਸੀ, ਦੋਨਾਂ ਦਾ ਹੱਲ ਮੈਂ ਲਬ ਲਿਆ।
ਤਿੱਬਤੀਆਂ ਕੋਲ ਖੱਚਰ ਸੀ ਇੱਟਾਂ ਲੱਦਣ ਲਈ। ਮੈਂ ਅਪਣੇ ਦੋਸਤਾਂ ਨੂੰ ਕਿਹਾ ਕਿ ਘੋੜਿਆਂ ਚ ਅਤੇ ਖੱਚਰਾਂ ਚ ਕੋਈ ਖਾਸ ਫਰਕ ਨਹੀਂ ਹੁੰਦਾ। ਬਾਕੀ ਰਿਹਾ ਸਵਾਰੀ ਕਰਨਾ ਸਿੱਖਣਾ, ਉਸ ਚ ਇਕ ਹੋਰ ਪ੍ਰਾਬਲਮ ਆਈ ਕੇ ਉਸਤੇ ਚੜਣਾ ਕਿਵੇਂ ਸੀ ਕਿਉਂਕਿ ਅਸੀਂ ਛੋਟੇ ਸੀ ਅਤੇ ਖੱਚਰ ਉੱਚੀ ਸੀ।
ਉਸ ਦਾ ਵੀ ਹਲ ਮੈਂ ਕੱਢ ਲਿਆ। ਮੈਂ ਮੁੰਡਿਆਂ ਨੂੰ ਕਿਹਾ ਕਿ ਖੱਚਰ ਨੂੰ ਖਿੱਚ ਕੇ ਅਸੀਂ ਅਮਰੂਦ ਦੇ ਦਰੱਖਤ ਦੀ ਟਹਿਣੀ ਥੱਲੇ ਲੈ ਆਵਾਂਗੇ ਤੇ ਮੈਂ ਟਹਿਣੀ ਤੋਂ ਚਡ ਕੇ ਖੱਚਰ ਦੀ ਪਿੱਠ ਤੇ ਛਲਾਂਗ ਮਾਰਾਂਗੇ।
ਅਸੀਂ ਸਾਰੇ ਰੱਸੀ ਨਾਲ ਖਿੱਚ ਕੇ ਖੱਚਰ ਨੂੰ ਟਹਿਣੀ ਥੱਲੇ ਲੈ ਗਏ। ਉਦੋਂ ਤੱਕ ਤਾਂ ਖੱਚਰ ਅਰਾਮ ਨਾਲ ਆ ਗਿਆ। ਫੇਰ ਜਦ ਮੈਂ ਟਹਿਣੀ ਤੇ ਚੜ੍ਹਿਆ ਤਾਂ ਉਸਨੇ ਹਿਲਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਜੋਰ ਨਾਲ ਫੱੜ ਕੇ ਰਾਖਿਯੋ।
ਪਰ ਜੱਦ ਮੈਂ ਟਹਿਣੀ ਤੋਂ ਛਲਾਂਗ ਮਾਰੀ, ਖੱਚਰ ਨੇ ਰੱਸੀ ਖਿੱਚੀ ਤੇ ਦੌੜ ਪਿਆ। ਮੈਂ ਟੂਹੀ ਭਾਰ ਥੱਲੇ ਜ਼ਮੀਨ ਤੇ ਗਿਰਿਆ ਅਤੇ ਨਿੱਕਰ ਵੀ ਫਟ ਗਈ। ਅਗਲੇ ਕਈ ਦਿਨ ਪਿਛਵਾੜੇ ਚ ਦਰਦ ਵੀ ਹੁੰਦੀ ਰਹੀ।
ਸ਼ੁਕਰ ਤਾਂ ਇਹ ਕੇ ਲੜਾਈ ਖ਼ਤਮ ਹੋ ਗਈ ਇਸ ਤੋਂ ਪਹਿਲਾਂ ਕੇ ਲੜਾਈ ਚ ਜਿਹੜੇ ਸ਼ਹੀਦ ਹੋਏ, ਓਹਨਾ ਚ ਸਾਡਾ ਵੀ ਨਾਮ ਆ ਜੀਉਂਦਾ।
ਖ਼ੈਰ ਇਹ ਤਾਂ ਸੀ 1965 ਦੀ ਇੰਡੀਆ ਪਾਕਿਸਤਾਨ ਦੀ ਲੜਾਈ ਚ ਸਾਡੀ ਬਹਾਦੁਰੀ ਦੇ ਕਿੱਸੇ। ਹੁਣ ਤੁੱਸੀਂ ਇਹਨਾਂ ਨੂੰ ਸ਼ਰਾਰਤ ਕਹਿਣਾ ਹੈ ਤਾਂ ਤੁਹਾਡੀ ਮਰਜ਼ੀ।